ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਵਿਸ਼ਵ-ਵਿਆਪੀ ਆਫ਼ਤ ਕੋਰੋਨਾਵਾਇਰਸ ਵਿਰੁੱਧ 'ਗਰਾਊਂਡ ਜ਼ੀਰੋ' 'ਤੇ ਸਿੱਧੇ ਹੱਥ ਲੜਾਈ ਲੜ ਰਹੇ ਡਾਕਟਰਾਂ, ਪੈਰਾਮੈਡੀਕਲ-ਸਟਾਫ਼, ਫਾਰਮਾਸਿਸਟਾਂ, ਆਸ਼ਾ ਵਰਕਰਾਂ, ਆਂਗਣਵਾੜੀ ਕਰਮੀਆਂ, ਪੁਲਿਸ ਅਤੇ ਦੂਸਰੇ ਵਿਭਾਗਾਂ ਦੇ ਕੱਚੇ ਅਤੇ ਪੱਕੇ ਮੁਲਾਜ਼ਮਾਂ ਲਈ 'ਸਪੈਸ਼ਲ ਰਿਸਕ ਕਵਰ' ਦਾ ਤੁਰੰਤ ਐਲਾਨ ਕਰੇ ਅਤੇ ਇਨ੍ਹਾਂ ਕੱਚੇ ਅਤੇ ਠੇਕਾ ਭਰਤੀ ਤਹਿਤ ਨਿਗੂਣੀਆਂ ਤਨਖ਼ਾਹਾਂ 'ਤੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ-ਵਰਕਰਾਂ ਨੂੰ ਬਿਨਾ ਸ਼ਰਤ ਪੱਕਾ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰੇ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਫਾਰਮਾਸਿਸਟਾਂ ਨੂੰ 2 ਮਹੀਨਿਆਂ ਤੋਂ ਨਸੀਬ ਨਹੀਂ ਹੋਈ ਨਿਗੂਣੀ ਤਨਖ਼ਾਹ- ਜੈ ਸਿੰਘ ਰੋੜੀ
'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਸਿਹਤ ਵਿਭਾਗ, ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਕਰਮਚਾਰੀ ਜਿਸ ਜਜ਼ਬੇ ਨਾਲ 'ਗਰਾਊਂਡ ਜ਼ੀਰੋ' 'ਤੇ ਕੋਰੋਨਾਵਾਇਰਸ ਜੰਗ ਲੜ ਰਹੇ ਹਨ ਉਹ ਪ੍ਰਸ਼ੰਸਾਯੋਗ ਹੈ, ਪਰੰਤੂ ਸੂਬਾ ਅਤੇ ਕੇਂਦਰ ਸਰਕਾਰਾਂ ਵੱਲੋਂ ਇਨ੍ਹਾਂ 'ਯੋਧਿਆਂ' ਲਈ ਜੋ ਹੌਸਲਾ ਵਧਾਊ ਐਲਾਨ ਕਰਨੇ ਬਣਦੇ ਹਨ, ਉਹ ਤੁਰੰਤ ਕੀਤੇ ਜਾਣ।
ਚੀਮਾ ਨੇ ਕਿਹਾ ਕਿ ਸਭ ਤੋਂ ਜ਼ਰੂਰੀ ਮੈਦਾਨ 'ਚ ਕੰਮ ਕਰ ਰਹੇ ਇਨ੍ਹਾਂ ਕਰਮਚਾਰੀਆਂ-ਵਰਕਰਾਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਵਿਸ਼ੇਸ਼ 'ਰਿਸਕ ਕਵਰ' ਰਾਸ਼ੀ ਘੋਸ਼ਿਤ ਕੀਤੀ ਜਾਵੇ। ਚੀਮਾ ਅਨੁਸਾਰ ਜ਼ਿਆਦਾਤਰ ਕਰਮਚਾਰੀਆਂ ਕੋਲ ਕੋਰੋਨਾ-ਵਾਇਰਸ ਦੀ ਲਾਗ ਤੋਂ ਬਚਣ ਵਾਲੇ ਸੁਰੱਖਿਅਤ ਕੱਪੜੇ ਅਤੇ ਕਿੱਟਾਂ ਨਹੀਂ ਹਨ, ਜਿੰਨਾ ਲਈ ਵੱਡੇ ਪੱਧਰ 'ਤੇ ਆਰਡਰ ਦਿੱਤਾ ਜਾਵੇ, ਕਿਉਂਕਿ ਖ਼ਤਰਾ ਅਜੇ ਸਿਰ 'ਤੇ ਮੰਡਰਾ ਰਿਹਾ ਹੈ, ਜਿਸ ਕਾਰਨ ਇਹ ਜੰਗ ਲੰਬੀ ਹੋ ਸਕਦੀ ਹੈ।
ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕੋਰੋਨਾਵਾਇਰਸ ਵਿਰੁੱਧ ਤੈਨਾਤ ਸਾਰੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਤੁਰੰਤ ਨੋਟੀਫ਼ਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੈਰਾਮੈਡੀਕਲ ਅਤੇ ਫਾਰਮਾਸਿਸਟਾਂ ਦਾ ਵੱਡਾ ਹਿੱਸਾ ਕੱਚਾ ਜਾਂ ਠੇਕਾ ਭਰਤੀ ਤਹਿਤ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤ ਵਿਭਾਗ ਨੇ ਜ਼ਿਲ੍ਹਾ ਪ੍ਰੀਸ਼ਦਾਂ ਅਧੀਨ 2007 'ਚ ਜੋ ਫਾਰਮਾਸਿਸਟ ਭਰਤੀ ਕੀਤੇ ਸਨ, ਉਹ ਅੱਜ ਵੀ ਮਹਿਜ਼ 10 ਹਜ਼ਾਰ ਰੁਪਏ ਤਨਖ਼ਾਹ 'ਤੇ ਹਨ, ਜਦਕਿ ਦਰਜਾ 4 ਸਿਰਫ਼ 4500 ਰੁਪਏ 'ਤੇ ਹਨ। ਇਸੇ ਤਰਾਂ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਮਾਮੂਲੀ ਭੱਤਿਆਂ 'ਤੇ ਹੋਣ ਦੇ ਬਾਵਜੂਦ ਕੋਰੋਨਾ ਵਾਇਰਸ ਵਰਗੀ-ਘਾਤਕ ਮਹਾਂਮਾਰੀ ਨਾਲ ਸਿੱਧੀ ਲੜਾਈ ਲੜ ਰਹੀਆਂ ਹਨ। ਰੋੜੀ ਮੁਤਾਬਿਕ ਹੁਸ਼ਿਆਰਪੁਰ ਜ਼ਿਲ੍ਹਾ ਪਰੀਸ਼ਦ ਅਧੀਨ ਫਾਰਮਾਸਿਸਟਾਂ ਅਤੇ ਚੌਥਾ ਦਰਜਾ (ਸਿਹਤ) ਕਰਮਚਾਰੀਆਂ ਨੂੰ ਪਿਛਲੇ 2 ਮਹੀਨਿਆਂ ਤੋਂ ਇਹ ਨਿਗੂਣੀ ਤਨਖ਼ਾਹ ਵੀ ਨਸੀਬ ਨਹੀਂ ਹੋਈ।
'ਆਪ' ਆਗੂਆਂ ਨੇ ਜਿੱਥੇ ਸਰਕਾਰ ਨੂੰ ਇਨ੍ਹਾਂ ਕਰਮਚਾਰੀਆਂ ਲਈ ਵਿਸ਼ੇਸ਼ ਐਲਾਨ ਕਰਕੇ ਹੌਸਲਾ ਅਫਜਾਈ 'ਤੇ ਜ਼ੋਰ ਦਿੱਤਾ, ਉੱਥੇ ਸੂਬੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਘਰਾਂ 'ਚ ਹੀ ਬੈਠ ਕੇ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਤਾਇਨਾਤ ਸਾਰੇ ਮੁਲਾਜ਼ਮਾਂ ਨੂੰ ਵੱਧ-ਵੱਧ ਸਹਿਯੋਗ ਕਰਨ।